ਫੋਕਟ ਕਰਮਕਾਂਡਾਂ ਤੇ ਸੱਟ ਮਾਰਦੀ ਕਹਾਣੀ
ਦੰਦ ਘਸਾਈ
ਬਾਬਾ ਜੀ ਸਤਿ ਸ੍ਰੀ ਅਕਾਲ, ਅੱਜ ਸਾਡੇ ਘਰ ਸਵੇਰੇ 11 ਕੁ ਵਜੇ 5 ਸਿੰਘ ਆ ਜਾਇਓ ਜੇ, ਬੇਬੇ ਕਹਿੰਦੀ ਸੀ ਕਿ ਵਡੇਰਿਆਂ ਦਾ ਸਰਾਧ ਕਰਨਾਂ ਵੇ , ਇਹ ਕਹਿੰਦਾ ਹੋਇਆ ਗੁਰਦੇਵ ਕਾਰ ਸਟਾਰਟ ਕਰ ਜਾਣ ਲੱਗਾ । ਓ ਭਲਿਆ ਲੋਕਾ, ਜਰਾ ਰੁਕ ਕੇ ਗਲ ਸੁਣ , ਤੈਨੂੰ ਪਤਾ ਨਹੀ ਅੱਜ ਤਾਂ ਸਾਰੇ ਪਿੰਡ ਦੀ ਰੋਟੀ ਕੈਨੇਡਾ ਵਾਲਿਆ ਘਰ ਹੈ ਅਤੇ ਉੱਥੇ ਸੇਵਾ ਵੀ ਚੰਗੀ ਹੋਣੀ ਹੈ। ਬੇਬੇ ਨੂੰ ਕਹਿ ਕਿ ਅੱਜ ਦਾ ਦਿਨ ਛੱਡ ਕਲ ਦਾ ਦਿਨ ਰੱਖ ਲਵੇ । ਗੁਰਦੇਵ ਇਹ ਗੱਲ ਸੁਣ ਘਰਦਿਆਂ ਤੇ ਹੋਰ ਲੋਹਾ ਲਾੱਖਾ ਹੋ ਗਿਆ ਕਿਓਂਕਿ ਉਹ ਆਪ ਵੀ ਅਜਿਹੇ ਕਰਮਕਾਂਡਾਂ ਤੋਂ ਦੂਰ ਸੀ ਪਰ ਅਜੇ ਉਸਦੀ ਘਰਦਿਆਂ ਅਗੇ ਕੋਈ ਪੇਸ਼ ਨਹੀ ਸੀ ਜਾ ਰਹੀ । ਉਹ ਘਰਦਿਆਂ ਦੇ ਨਾਲ ਇਹਨਾਂ ਅਖੋਤੀ ਬਾਬਿਆਂ ਭਾਵ ਗੁਰਮਤਿ ਅਨੁਸਾਰ ਬਨਾਰਸ ਕੇ ਠਗਾਂ ਨੂੰ ਵੀ ਸਬਕ ਸਿਖਾਉਣਾ ਚਾਹੁੰਦਾ ਸੀ। ਇਹ ਸੋਚਾਂ ਸੋਚਦਾ ਗੁਰਦੇਵ ਅਪਣੇ ਮਿਤੱਰ ਗੁਰਮੁਖ ਸਿੰਘ ਕੋਲ ਚਲਾ ਗਿਆ ਜੋਕਿ ਆਪ ਇਹਨਾਂ ਫੋਕਟ ਕਰਮਕਾਂਡਾਂ ਤੋਂ ਦੂਰ ਸੀ ਅਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਹੋਰ ਕਿਸੇ ਵੀ ਦੇਹਧਾਰੀ ਨੂੰ ਨਹੀ ਮਨੰਦਾ ਸੀ, ਸੂਤਕ-ਪਾਤਕ, ਜਾਤ-ਪਾਤ, ਉਚ-ਨੀਚ, ਸ਼ਗਨ-ਅਪਸ਼ਗਨ, ਸਰਾਧ ਆਦਿ ਨੂੰ ਵੀ ਉਹ ਫੋਕਟ ਕਰਮਕਾਂਡ ਹੀ ਮਨੰਦਾ ਸੀ ਅਤੇ ਹੋਰਣਾਂ ਲੋਕਾਂ ਖਾਸਕਰ ਨੋਜਵਾਨਾਂ ਨੂੰ ਵੀ ਉਹ ਅਜਿਹੇ ਉਪਦੇਸ਼ ਦਿੰਦਾ ਸੀ । ਗੁਰਦੇਵ ਸਿੰਘ ਨੇ ਸਾਰੀ ਵਾਰਤਾਂ ਅਪਣੇ ਮਿਤੱਰ ਨੂੰ ਦਸੀ ਅਤੇ ਉਸਨੇ ਅਪਣੇ ਮਾਤਾ-ਪਿਤਾ ਅਤੇ ਉਹਨਾਂ ਕਰਮਕਾਂਡੀ ਪਾਠੀਆਂ ਨੂੰ ਵੀ ਸਬਕ ਸਿਖਾਉਣ ਦੀ ਮੰਸ਼ਾ ਜਾਹਿਰ ਕੀਤੀ । ਗੁਰਮੁਖ ਸਿੰਘ ਨੇ ਗੁਰਦੇਵ ਸਿੰਘ ਨੂੰ ਘਰਦਿਆਂ ਅਤੇ ਕਰਮਕਾਂਡੀ ਪਾਠੀਆਂ ਨੂੰ ਸਬਕ ਸਿਖਾਉਣ ਦੀ ਵਿਓਂਤ ਦਸੀ । ਜਦੋ ਅਗਲੇ ਦਿਨ 5 ਸਿੰਘ ਲੰਗਰ-ਪ੍ਰਸ਼ਾਦਾ ਛਕਣ ਆਏ ਤਾਂ ਗੁਰਦੇਵ ਦੇ ਮਾਂਪਿਆ ਨੇ ਉਹਨਾਂ ਦੀ ਚੰਗੀ ਆਓ-ਭਗਤ ਕੀਤੀ, ਲੰਗਰ-ਪ੍ਰਸ਼ਾਦਾ ਛਕਣ ਊਪਰਾਂਤ ਘਰਦਿਆਂ ਨੇ ਗੁਰਦੇਵ ਦੇ ਹੱਥ ਸਭ ਪਾਠੀਆਂ ਨੂੰ ਮਾਇਆ ਦੇਣ ਲਈ ਦਿਤੀ ਪਰ ਗੁਰਦੇਵ ਸਿੰਘ ਨੇ ਅਪਣੇ ਮਿਤੱਰ ਗੁਰਮੁਖ ਸਿੰਘ ਦੀ ਸਕੀਮ ਅਨੁਸਾਰ ਮਾਇਆ ਆਪ ਰੱਖ ਲਈ ਅਤੇ ਪਾਠੀਆਂ ਨੂੰ ਲੰਗਰ ਛਕਾ ਸਮਾਪਤੀ ਦੀ ਫਤਹਿ ਗੱਜਾ ਦਿਤੀ । ਜਦੋ ਪਾਠੀਆਂ ਦੇ ਮੁੱਖੀ ਨੇ ਵੇਖਿਆ ਕਿ ਮਾਇਆ ਤਾਂ ਗੁਰਦੇਵ ਸਿੰਘ ਨੇ ਜੇਬ ਵਿਚ ਪਾ ਲਈ ਏ, ਉਸ ਨੇ ਗੁਰਦੇਵ ਸਿੰਘ ਤੋ ਮਾਇਆ ਮੰਗੀ, ਪਰ ਉਹ ਜਾਣਬੁਝ ਕੇ ਅਣਜਾਣ ਬਣਿਆ ਰਿਹਾ ਅਖੀਰ ਜਦੋ ਪਾਠੀ ਸਿੰਘਾਂ ਨੂੰ ਗੁਰਦੇਵ ਸਿੰਘ ਨੇ ਮਾਇਆ ਨਾ ਦਿਤੀ ਤਾਂ ਉਹਨਾਂ ਨੇ ਉੱਚਾ ਬੋਲਣਾ ਸ਼ੁਰੂ ਕਰ ਦਿਤਾ , ਆਵਾਜ ਸੁਣ ਅੰਦਰੋ ਗੁਰਦੇਵ ਸਿੰਘ ਦੇ ਪਿਤਾ ਜੀ ਬਾਹਰ ਆ ਗਏ ਅਤੇ ਕਾਰਣ ਪੁਛਿਆ । ਇੰਨੇ ਨੂੰ ਗੁਰਦੇਵ ਸਿੰਘ ਦਾ ਮਿਤੱਰ ਗੁਰਮੁਖ ਸਿੰਘ ਵੀ ਪਹੁੰਚ ਗਿਆ, ਉਸਨੇ ਕਿਹਾ ਕਿ ਗੁਰਦੇਵ ਸਿੰਘ ਨੇ 5 ਸਿੰਘਾਂ ਨੁੰ ਲੰਗਰ-ਪ੍ਰਸ਼ਾਦਾ ਛਕਣ ਦੇ ਬਦਲੇ ਦੰਦ ਘਸਾਈ ਨਹੀ ਦਿਤੀ ਇਸ ਲਈ ਇਹ ਰੋਲਾ ਪੈ ਗਿਆ ਹੈ। ਗੁਰਦੇਵ ਸਿੰਘ ਦੇ ਪਿਤਾ ਜੀ ਨੇ ਕਿਹਾ ਵੇ ਪੁਤੱਰ ਗੁਰਮੁਖ ਸਿੰਘ , ਤੇਰੇ ਜਿਹੇ ਸਮਾਜ-ਸੁਧਾਰਕਾਂ ਦੀ ਗੱਲ ਸਾਡੀ ਸਮਝ ਤੋ ਬਾਹਰ ਏ,ਜਰਾ ਖੁਲ ਕੇ ਸਮਝਾ। ਬਾਪੂ ਜੀ ਗਲ ਇੰਝ ਏ ਕਿ ਤੁਸਾਂ ਨੇ ਇਹਨਾਂ 5 ਸਿੰਘਾਂ ਨੂੰ ਲੰਗਰ-ਪ੍ਰਸ਼ਾਦਾ ਛਕਾਇਆਂ ਵੇ , ਜਿਹੜੇ ਮਾਲ-ਪੁੜੇ, ਸ਼ਾਹੀ ਪਨੀਰ, ਖੀਰ ਇਹਨਾਂ ਖਾ ਕੇ ਅਪਣੇ ਢਿੱਡ ਵਿਚ ਪਚਾਇਆ ਏ ਅਤੇ ਦੰਦਾ ਨੂੰ ਘਸਾਇਆ ਵੇ, ਇਹ ਉਸ ਬਦਲੇ ਦੰਦ ਘਸਾਈ (ਮਾਇਆ)ਮੰਗਦੇ ਨੇ ਜੋਕਿ ਇਹਨਾਂ ਬਨਾਰਸੀ ਠਗਾਂ ਦਾ ਹੱਕ ਬਣਦਾ ਏ। ਇਹ ਗੱਲ ਸੁਣ ਗੁਰਦੇਵ ਸਿੰਘ ਦੇ ਪਿਤਾ ਜੀ ਨੇ 5 ਸਿੰਘਾਂ ਨੂੰ ਲਾਹਣਤਾਂ ਪਾਈਆਂ । ਇਹ ਸ਼ਬਦ ਸੁਣ ਪੰਜੇ ਸਿੰਘ ਪਾਣੀ-ਪਾਣੀ ਹੋ ਗਏ ਅਤੇ ਸ਼ਰਮ ਨਾਲ ਸਿਰ ਝੁਕਾ ਲਿਆ । ਗੁਰਮੁਖ ਸਿੰਘ ਨੇ ਫਿਰ ਟਕੋਰ ਮਾਰੀ ਤੇ ਭਗਤ ਕਬੀਰ ਜੀ ਦੇ ਸ਼ਬਦ ਵਿਚੋ ਸਮਝਾਂਦੇ ਹੋਇ ਕਿਹਾ ਕਿ
“ ਜੀਵਤ ਪਿਤਰ ਨ ਮਾਨੈ ਕੋਊ ਮੂਏ ਸਰਾਧ ਕਰਾਈ ''
ਭਾਵ ਜੀਂਉਦੇ ਹੋਇ ਤੁਸੀ ਅਪਣੇ ਵਡੇ-ਵਡੇਰਿਆਂ ਦੀ ਪਰਵਾਹ ਨਹੀ ਕਰਦੇ , ਨਾਂਹੀ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੇ ਹੋ ਅਤੇ ਲੋਕ ਵਿਖਾਵੇ ਲਈ ਤੁਸੀ ਸਰਾਧ ਕਰ ਉਹਣਾਂ ਨਮਿੱਤ ਪਕਵਾਨ ਖਵਾਂਦੇ ਹੋ। ਸੋ ਹੇ ਭਾਈ, ਇਹਨਾਂ ਕਰਮਕਾਂਡਾਂ ਨੂੰ ਛਡੋ ਅਤੇ ਗੁਰਮਤ ਅਨੁਸਾਰੀ ਜੀਵਨ ਜੀਓ। ਇਹ ਵਾਰਤਾ ਸੁਣ ਸਭ ਨੇ ਪਰਮਾਤਮਾ ਅੱਗੇ ਭਵਿੱਖ ਵਿੱਚ ਅਜਿਹੇ ਕਰਮਕਾਂਡਾਂ ਤੋਂ ਛੁਟਕਾਰਾ ਪਾਉਣ ਦੀ ਅਰਦਾਸ ਕੀਤੀ ।
ਹਰਪ੍ਰੀਤ ਸਿੰਘ
ਮੋ:09992414888, 09467040888
No comments:
Post a Comment